ਇਕ ਦਿਨ ਰਾਜਾ ਸਾਹਿਬ ਜੀ ਮੂਸਾਪੁਰ ਤੋਂ ਪਿੰਡ ਗੋਸਲਾਂ ਵਲ ਆਏ। ਭਾਨਾ ਸੇਵਾਦਾਰ ਜੋ ਸੋਤਰਾਂ ਪਿੰਡ ਤੋ ਸੀ ਦੇ ਖੂਹ ਤੇ ਆ ਬੈਠੇ । ਪਤਾ ਲਗਦੇ ਸਾਰ ਹੀ ਭਾਨਾ ਪ੍ਰੇਮ ਪਿਆਰ ਵਿਚ ਰੰਗਿਆ ਮਹਾਰਾਜ ਜੀ ਵਾਸਤੇ ਛੱਲੀਆ ਭੁੰਨ ਕੇ ਲਿਆਇਆ ਤੇ ਛੱਕਣ ਦੀ ਬੇਨਤੀ ਕੀਤੀ ।ਉਸ ਦੇ ਪਿਆਰ ਤੋਂ ਪ੍ਰਸੰਨ ਹੋ ਕੇ ਮਹਾਰਾਜ ਜੀ ਨੇ ਉਸਨੂੰ ਢਾਈ ਵਿੱਘੇ ਤੋ ਚਾਲੀ ਘੁੰਮਾਂ ਜਮੀਨ ਦੀ ਮਾਲਕੀ ਦਾ ਵਰ ਦਿੱਤਾ। ਜੋ ਥੋੜੇ ਹੀ ਸਮੇ ਵਿੱਚ ਸਾਕਾਰ ਹੋ ਗਿਆ। ਇਸੇ ਤਰ੍ਹਾਂ ਮਿਹਰਾਂ ਦੇ ਘਰ ਆਏ ਰਾਜਾ ਸਾਹਿਬ ਜੀ 11ਕੱਤਕ ਦਿਨ ਬੁੱਧਵਾਰ ਸੰਨ 1907 ਵਾਲੇ ਦਿਨ ਪਿੰਡ ਦੇ ਪੱਛਮ ਵੱਲ ਇੱਕ ਪਿੱਪਲ ਹੇਠ ਆ ਕੇ ਬੈਠੇ ਤੇ ਸੇਵਕ ਮੁਨਸ਼ਾ ਸਿੰਘ ਨੂੰ ਬੁਲਾਉਣ ਦਾ ਹੁਕਮ ਕੀਤਾ, ਜੋ ਸੁਣਦੇ ਸਾਰ ਹੀ ਮੁਨਸ਼ਾ ਸਿੰਘ ਆ ਹਾਜਰ ਹੋਇਆ । ਬੇਨਤੀ ਕੀਤੀ ਪਾਤਸ਼ਾਹ ਜੀ ਕੀ ਹੁਕਮ ਹੈ ? ਹਜੂਰ ਫੁਰਮਾਉਣ ਲੱਗੇ ਕਿ ਜਿਹੋ ਜਿਹਾ ਬੀਜ ਧਰਤੀ ਤੇ ਬੀਜੋਗੇ ਉਹੋ ਜਿਹਾ ਹੀ ਉੱਗੇਗਾ। ਜਿੱਥੇ ਮਹਾਪੁਰਸ਼ ਬੈਠ ਕੇ ਤੱਪਸਿਆ ਕਰ ਲੈਣ ਉਹ ਥਾਂ ਪੂਜਣਯੋਗ ਹੋ ਜਾਂਦੀ ਹੈ । " ਸਾ ਧਰਤ ਭਈ ਹਰਿਆਵਲੀ ਜਿਥੇ ਮੇਰਾ ਸਤਿਗੁਰ ਬੈਠਾ ਜਾਇ"। ਅੱਜ ਤੁਹਾਡੇ ਪਿੰਡ ਗੋਸਲਾ ਵਿਖੇ ਇੱਕ ਇਲਾਹੀ ਦਰਬਾਰ ਰਚਣਾ ਹੈ । ਜਿੱਥੇ ਰੱਬੀ ਫੁਰਮਾਨ ਸੁਣਾਈ ਦੇਵੇਗਾ ਤੇ ਇਸ ਦਰ ਆਇਆਂ ਦੀ ਹਰ ਮਨੋਕਾਮਨਾ ਪੂਰੀ ਹੋਇਆ ਕਰੇਗੀ । ਇਸ ਉਪਰੰਤ ਮੁਨਸ਼ਾ ਸਿੰਘ ਅਤੇ ਸੰਗਤ ਨੂੰ ਨਾਲ ਲੈ ਕੇ ਆਪਣੀ ਜਗੀਰ ਦੀ ਨਿਸ਼ਾਨਦੇਹੀ ਕਰਦੇ ਰਹੇ। ਸ਼ਾਮ ਨੂੰ ਮੁਨਸ਼ਾ ਸਿੰਘ ਦੀ ਹਵੇਲੀ ਠਹਿਰੇ। ਹੋਰ ਸੰਗਤ ਵੀ ਜੁੜ ਗਈ। ਰਾਤ ਗਿਆਰਾਂ ਦੇ ਵਜੇ ਜਦੋਂ ਚੰਦਰਮਾ ਟਹਿ ਟਹਿ ਕਰ ਰਿਹਾ ਸੀ , ਮੁਨਸ਼ਾ ਸਿੰਘ ਨੂੰ ਕਹਿਣ ਲੱਗੇ ਕਿ ਲਿਆ ਤੇਰੇ ਪਿੰਡ ਵੀ ਅੱਜ ਤੀਰਥ ਸਥਾਨ ਰਚ ਦਈਏ। ਮਹਾਰਾਜ ਜੀ ਹਵੇਲੀ ਤੋਂ ਉੱਠ ਗੁਣਾ ਚੌਰ ਵਾਲੇ ਪਾਸੇ ਨੂੰ ਹੋ ਤੁਰੇ। ਸੰਗਤ ਤੇ ਮੁਨਸ਼ਾ ਸਿੰਘ ਵੀ ਮਹਾਰਾਜ ਜੀ ਦੇ ਮਗਰ ਤੁਰ ਪਏ।ਖਾਲੀ ਖੇਤ ਵਿੱਚ ਜਾ ਖੜੇ ਅਤੇ ਕਹਿਣ ਲੱਗੇ ਜੇ ਕਰ ਕੋਈ ਇਹ ਸਥਾਨ ਛੱਡ ਦੇਵੇ ਤਾਂ ਦਰਗਾਹੀ ਤੀਰਥ ਦੀ ਸਥਾਪਨਾ ਹੋ ਸਕਦੀ ਹੈ। ਕੋਲ ਖੜੇ ਮੁਨਸ਼ਾ ਸਿੰਘ ਨੇ ਸਤਿਗੁਰਾਂ ਦੇ ਅੱਗੇ ਹੱਥ ਜੋੜ ਚਰਨੀ ਸੀਸ ਨਿਭਾ ਕੇ ਕਿਹਾ ਇਹ ਸਭ ਜਇਦਾਦਾਂ ਆਪ ਜੀ ਦੀਆਂ ਹੀ ਬਖਸ਼ੀਆਂ ਹੋਈਆਂ ਹਨ। ਮੁਨਸ਼ਾ ਸਿੰਘ ਨੇ 17 ਕਨਾਲ ਦਾ ਸਥਾਨ ਛੱਡ ਦਿੱਤਾ। ਅਗਲੇ ਦਿਨ ਮਹਾਰਾਜ ਜੀ ਵਾਸਤੇ ਅਸਥਾਨ ਬਣਵਾਇਆ ਗਿਆ। ਉਸਦੇ ਚੜ੍ਹਦੇ ਪਾਸੇ ਇੱਕ ਛੋਟੀ ਜਿਹੀ ਕੁਟੀਆ ਬਣਾ ਕੇ ਮਹਰਾਜ ਜੀ ਰਹਿਣ ਲੱਗ ਪਏ। ਇਸ ਅਸਥਾਨ ਨੂੰ ਗੁਰਦੁਆਰਾ ਮੰਜੀ ਸਾਹਿਬ ਦੇ ਨਾਮ ਦੀ ਉਪਾਧੀ ਨਾਲ ਸਤਿਕਾਰਿਆ ਜਾਂਦਾ ਹੈ। ਇਸ ਅਸਥਾਨ ਤੇ ਇਕ ਖੂਹੀ ਤੇ ਇੱਕ ਹਲਟੀ ਲਗਵਾਈ ਗਈ ਜੋ ਅੱਜ ਵੀ ਮੌਜੂਦ ਹੈ। 17 ਕਨਾਲ ਦੀ ਇਸ ਜਮੀਨ ਤੇ ਮਹਾਰਾਜ ਪ੍ਰੀਤਮ ਦਾਸ ਜੀ ਨੇ ਆਪਣੇ ਹੱਥੀ ਇਸ ਸਥਾਨ ਦੀ ਸੇਵਾ ਕਰਵਾਈ ।ਇਸ ਸਥਾਨ ਤੇ ਅੱਜ ਆਲੀਸ਼ਾਨ ਗੁਰਦੁਆਰਾ ਮੰਜੀ ਸਾਹਿਬ ਦੀ ਇਮਾਰਤ ਅਤੇ ਮਹਾਰਾਜ ਪ੍ਰੀਤਮ ਦਾਸ ਜੀ ਯਾਦ ਵਿੱਚ ਯਾਦਗਾਰ ਸੁਸ਼ੋਭਿਤ ਹੈ। ਅਤੁੱਟ ਲੰਗਰ ਚੱਲਦੇ ਹਨ । ਸਵੇਰੇ ਸ਼ਾਮ ਗੁਰਬਾਣੀ ਦਾ ਪ੍ਰਵਾਹ ਚੱਲਦਾ ਹੈ। ਸਲਾਨਾ ਬਰਸੀ 5 ਅੱਸੂ (19,20,21 ਸਤੰਬਰ ) ਨੂੰ ਬੜੀ ਧੂਮ ਧਾਮ ਨਾਲ ਮਨਾਈ ਜਾਂਦੀ ਹੈ। ਪ੍ਰਸਿੱਧ ਰਾਗੀ ਢਾਡੀ ਜਥੇ ਅਤੇ ਨਾਮੀ ਕਲਾਕਾਰ ਰਾਜਾ ਸਾਹਿਬ ਜੀ ਦਾ ਗੁਣਗਾਨ ਕਰਦੇ ਹਨ ਤੇ ਅੱਤੁਟ ਲੰਗਰ ਚੱਲਦੇ ਹਨ, ਸੰਗਤਾਂ ਇਨ੍ਹਾਂ ਸਮਾਗਮਾਂ ਤੇ ਨਤਮਸਤਕ ਹੋ ਕੇ ਆਪਣਾ ਜੀਵਨ ਸਫਲਾ ਕਰਦੀਆਂ ਹਨ।।